Breaking News
Home / ਵਾਇਰਲ ਵੀਡੀਓ / ਜਾਗੋ ਪੰਜਾਬੀਓ ਨਹੀਂ ਤਾਂ ਆਹ ਵੀਡੀਓ ਵਾਲਾ ਹਾਲ ਕਿਸੇ ਦਿਨ ਪੰਜਾਬ ਦਾ ਵੀ ਹੋ ਜਾਣਾ .. ਸਾਵਧਾਨ ..

ਜਾਗੋ ਪੰਜਾਬੀਓ ਨਹੀਂ ਤਾਂ ਆਹ ਵੀਡੀਓ ਵਾਲਾ ਹਾਲ ਕਿਸੇ ਦਿਨ ਪੰਜਾਬ ਦਾ ਵੀ ਹੋ ਜਾਣਾ .. ਸਾਵਧਾਨ ..

ਪੰਜਾਬ ਇਸ ਵਕਤ ਇੱਕ ਅਧੋਗਤੀ ਵਿੱਚ ਫਸਿਆ ਪਿਆ ਹੈ। ਨਹਿਰਾਂ ਵਿੱਚ ਪਾਣੀ ਪੂਰਾ ਨਹੀਂ ਆ ਰਿਹਾ। ਕਾਰਨ ਇਹ ਹੈ ਕਿ ਨਹਿਰਾਂ ਨੂੰ ਪਾਣੀ ਦਰਿਆਵਾਂ ਤੋਂ ਮਿਲਣਾ ਹੁੰਦਾ ਹੈ, ਪਰ ਪਹਾੜਾਂ ਉੱਤੋਂ ਹੀ ਪਹਿਲਾਂ ਜਿੰਨਾ ਪਾਣੀ ਨਾ ਆਉਣ ਕਾਰਨ ਇਹ ਖਬਰਾਂ ਸੁਣਨ ਨੂੰ ਮਿਲ ਰਹੀਆਂ ਹਨ ਕਿ ਭਾਖੜਾ ਡੈਮ ਦੀ ਝੀਲ ਵੀ ਰਿਕਾਰਡ ਨੀਵੇਂ ਪੱਧਰ ਨੂੰ ਪਹੁੰਚੀ ਪਈ ਹੈ ਤੇ ਇਸ ਲਈ ਨਹਿਰਾਂ ਵਿੱਚ ਵੀ ਘੱਟ ਸਪਲਾਈ ਦਿੱਤੀ ਜਾ ਰਹੀ ਹੈ।

ਸਥਿਤੀ ਦਾ ਦੂਸਰਾ ਪੱਖ ਇਹ ਹੈ ਕਿ ਪੰਜਾਬ ਦੇ ਲੋਕ ਕਈ ਸਦੀਆਂ ਤੱਕ ਧਰਤੀ ਹੇਠਲੇ ਪਾਣੀ ਨੂੰ ਖੂਹਾਂ ਰਾਹੀਂ ਕੱਢਦੇ ਤੇ ਖੇਤੀ ਪਾਲਦੇ ਆਏ ਸਨ, ਪਰ ਸਮਾਂ ਪਾ ਕੇ ਇਹ ਬੰਦ ਹੋਣ ਲੱਗੇ ਅਤੇ ਉਨ੍ਹਾਂ ਦੀ ਥਾਂ ਪਾਈਪ ਵਾਲੇ ਖੂਹ, ਟਿਊਬਵੈੱਲ, ਲੱਗਣੇ ਸ਼ੁਰੂ ਹੋ ਗਏ ਤਾਂ ਧਰਤੀ ਹੇਠਲਾ ਪਾਣੀ ਮੁੱਕਣ ਦੀ ਖੇਡ ਸ਼ੁਰੂ ਹੋ ਗਈ। ਜਿਸ ਪੰਜਾਬ ਵਿੱਚ ਦਸ-ਵੀਹ ਫੁੱਟ ਤੱਕ ਪਾਣੀ ਮਿਲ ਜਾਂਦਾ ਸੀ, ਉਸ ਦੀ ਧਰਤੀ ਹੇਠ ਪਾਣੀ ਦਾ ਪੱਧਰ ਹਰ ਸਾਲ ਹੋਰ ਨੀਵਾਂ ਹੁੰਦਾ ਗਿਆ ਤੇ ਓਥੇ ਚਾਰ ਸੌ ਫੁੱਟ ਤੋਂ ਵੱਧ ਨੀਵੇਂ ਬੋਰ ਕੀਤੇ ਜਾਣ ਲੱਗ ਪਏ।
ਡੂੰਘੇ ਬੋਰ ਕਰੀ ਜਾਣ ਦੀ ਵੀ ਇੱਕ ਹੱਦ ਹੈ, ਅੱਗੋਂ ਫਿਰ ਕੀ ਕਰਾਂਗੇ, ਇਸ ਬਾਰੇ ਸੋਚਣ ਦੀ ਲੋੜ ਕਿਸੇ ਨੇ ਸਮਝੀ ਹੀ ਨਹੀਂ।

ਆਖਰ ਨੂੰ ਉਹ ਵੀ ਘੜੀ ਆ ਗਈ। ਇਸ ਵਕਤ ਪੰਜਾਬ ਸਰਕਾਰ ਇਸ ਸੰਕਟ ਦੇ ਟਾਕਰੇ ਲਈ ਕਦਮ ਚੁੱਕ ਰਹੀ ਹੈ ਤਾਂ ਉਨ੍ਹਾਂ ਕਦਮਾਂ ਦਾ ਲੋਕਾਂ ਵਿੱਚ ਵਿਰੋਧ ਹੋਈ ਜਾ ਰਿਹਾ ਹੈ। ਜਿਸ ਤਰ੍ਹਾਂ ਪੰਜਾਬ ਵਿੱਚ ਹਾਲਾਤ ਬਣਦੇ ਪਏ ਹਨ, ਉਨ੍ਹਾਂ ਨਾਲ ਨਜਿੱਠਣ ਲਈ ਕੁਝ ਨਾ ਕੁਝ ਕਰਨਾ ਹੀ ਪੈਣਾ ਹੈ। ਇਹੋ ਸੋਚ ਕੇ ਪੰਜਾਬ ਸਰਕਾਰ ਨੇ ਇਸ ਸਖਤ ਸੰਕਟ ਦਾ ਹੱਲ ਕੱਢਣ ਲਈ ਮੰਤਰੀਆਂ ਦੀ ਇੱਕ ਕਮੇਟੀ ਬਣਾਈ ਹੈ, ਜਿਹੜੀ ਆਪਣੇ ਸੁਝਾਅ ਪੇਸ਼ ਕਰੇਗੀ ਤੇ ਇਸ ਪਿੱਛੋਂ ਸਰਕਾਰ ਲੋੜੀਂਦੇ ਅਗਲੇ ਕਦਮ ਚੁੱਕੇਗੀ। ਇਹ ਤਸਵੀਰ ਦਾ ਸਿਰਫ ਇੱਕ ਪਾਸਾ ਹੈ। ਦੂਸਰਾ ਪਾਸਾ ਇਹ ਹੈ ਕਿ ਅੱਜ ਵੀਰਵਾਰ ਨੂੰ ਦਿਨ ਚੜ੍ਹਨ ਤੋਂ ਪਹਿਲਾਂ ਮੀਂਹ ਪੈਣ ਲੱਗ ਪਿਆ ਤੇ ਹਾਲੇ ਥੋੜ੍ਹਾ ਜਿਹਾ ਪਿਆ ਸੀ ਕਿ ਕਈ ਥਾਂਈਂ ਸ਼ਹਿਰਾਂ ਵਿੱਚ ਪਾਣੀ ਖੜਾ ਹੋਣਾ ਸ਼ੁਰੂ ਹੋ ਗਿਆ। ਲੋਕ ਜਾਣਦੇ ਹਨ ਕਿ ਜਦੋਂ ਮੀਂਹ ਮਗਰੋਂ ਇੰਝ ਪਾਣੀ ਖੜਾ ਹੁੰਦਾ ਹੈ ਤਾਂ ਦੋ-ਤਿੰਨ ਦਿਨ ਸੁੱਕਦਾ ਨਹੀਂ ਹੁੰਦਾ। ਇਸ ਵਾਰੀ ਵੀ ਛੇਤੀ ਨਹੀਂ ਸੁੱਕਣਾ। ਜ਼ਰਾ ਜਿੰਨਾ ਮੀਂਹ ਪੈਣ ਨਾਲ ਸੜਕਾਂ ਅਤੇ ਗਲੀਆਂ-ਬਾਜ਼ਾਰਾਂ ਵਿੱਚ ਪਾਣੀ ਖੜਾ ਹੋਣ ਦਾ ਕਾਰਨ ਇਹ ਹੈ ਕਿ ਸਾਡਾ ਸਿਸਟਮ ਏਨਾ ਵਿਗੜ ਚੁੱਕਾ ਹੈ ਕਿ ਜਦੋਂ ਤੱਕ ‘ਬੂਹੇ ਖੜੋਤੀ ਜੰਨ’ ਨਹੀਂ ਵੇਖਦਾ, ‘ਕੁੜੀ ਦੇ ਕੰਨ ਵਿੰਨ੍ਹਣ’ ਬਾਰੇ ਨਹੀਂ ਸੋਚਦਾ ਅਤੇ ਬੱਦਲਾਂ ਦੇ ਆਉਣ ਤੱਕ ਹੀ ਨਹੀਂ, ਵਰ੍ਹਨਾ ਸ਼ੁਰੂ ਹੋਣ ਤੱਕ ਇਸ ਸਿਸਟਮ ਨੂੰ ਨਾਲੀ-ਨਾਲੇ ਸਾਫ ਕਰਨ ਦਾ ਚੇਤਾ ਨਹੀਂ ਆਉਂਦਾ। ਇਸ ਵਾਰ ਵੀ ਇਹੋ ਹੋਇਆ ਹੈ। ਪਹਿਲੇ ਮੀਂਹ ਦੇ ਚਾਰ ਛਰ੍ਹਾਟਿਆਂ ਨਾਲ ਹੀ ਹਰ ਪਾਸੇ ਚਿੱਕੜ ਅਤੇ ਪਾਣੀ ਨਾਲ ਭਰੇ ਚਲ੍ਹ ਨਜ਼ਰ ਆਉਣ ਲੱਗੇ ਹਨ। ਹਰ ਸਾਲ ਇਹੀ ਹੁੰਦਾ ਹੈ, ਪਰ ਕਦੀ ਵੀ ਇਸ ਦਾ ਹੱਲ ਨਹੀਂ ਸੋਚਿਆ ਜਾਂਦਾ।
ਸਿਸਟਮ ਦੀ ਨਾਲਾਇਕੀ ਹੈ ਕਿ ਉਹ ਗਿਆਰਾਂ ਮਹੀਨੇ ਪਾਣੀ ਦੀ ਅਣਹੋਂਦ ਦੇ ਸੰਕਟ ਦੀ ਦੁਹਾਈ ਪਾਉਂਦਾ ਹੈ ਤੇ ਬਾਰ੍ਹਵੇਂ ਮਹੀਨੇ ਓਸੇ ਪਾਣੀ ਨਾਲ ਆਏ ਹੜ੍ਹ ਕਾਰਨ ਭਾਜੜ ਦਾ ਸ਼ਿਕਾਰ ਹੁੰਦਾ ਹੈ।

ਸਿਆਣਪ ਦੀ ਗੱਲ ਇਹ ਹੈ ਕਿ ਪਾਣੀ ਦੇ ਸੋਕੇ ਦੇ ਸੰਕਟ ਅਤੇ ਪਾਣੀ ਦੀ ਬਹੁਤਾਤ ਦੇ ਸੰੰਕਟ ਦੋਵਾਂ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ਦਾ ਤਾਲਮੇਲ ਕੀਤਾ ਜਾਵੇ ਤੇ ਵਾਧੂ ਪਾਣੀ ਸੰਭਾਲਣ ਦੇ ਪ੍ਰਬੰਧ ਕੀਤੇ ਜਾਣ। ਹਰ ਪਿੰਡ ਵਿੱਚ ਉਹ ਖੂਹ ਮੌਜੂਦ ਹਨ, ਜਿਨ੍ਹਾਂ ਨਾਲ ਸਾਡੇ ਬਾਪ-ਦਾਦੇ ਕੰਮ ਚਲਾਇਆ ਕਰਦੇ ਸਨ। ਅੱਜ ਕੱਲ੍ਹ ਉਹ ਪਾਣੀ ਕੱਢਣ ਲਈ ਨਹੀਂ ਵਰਤੇ ਜਾਂਦੇ। ਵਿਹਲੇ ਪਏ ਉਹ ਖੂਹ ਜਿਵੇਂ ਪਹਿਲਾਂ ਕਦੇ ਪਾਣੀ ਨੂੰ ਕੱਢਣ ਲਈ ਵਰਤੇ ਜਾਂਦੇ ਸਨ, ਇਸ ਵੇਲੇ ਵਾਧੂ ਪਾਣੀ ਦੀ ਸੰਭਾਲ ਲਈ ਵਰਤੇ ਜਾ ਸਕਦੇ ਹਨ ਤੇ ਬਰਸਾਤ ਦੇ ਦੌਰਾਨ ਵਾਧੂ ਪਾਣੀ ਉਨ੍ਹਾਂ ਵਿੱਚ ਪਾ ਕੇ ਧਰਤੀ ਹੇਠਲਾ ਪਾਣੀ ਦਾ ਸੋਮਾ ਬਹਾਲ ਕਰਨ ਦਾ ਯਤਨ ਕੀਤਾ ਜਾ ਸਕਦਾ ਹੈ, ਪਰ ਕੋਈ ਵੀ ਵਿਭਾਗ ਇਸ ਕੰਮ ਵਿੱਚ ਕਿਸੇ ਤਰ੍ਹਾਂ ਦਾ ਖਾਸ ਉਪਰਾਲਾ ਕਰਦਾ ਨਜ਼ਰ ਨਹੀਂ ਆ ਰਿਹਾ। ਕੁਝ ਥਾਂਈਂ ਕੁਝ ਲੋਕ ਇਸ ਤਰ੍ਹਾਂ ਦਾ ਕੰਮ ਕਰਦੇ ਪਤਾ ਲੱਗਦੇ ਹਨ ਤਾਂ ਉਹ ਆਪੋ-ਆਪਣੇ ਪੱਧਰ ਉੱਤੇ ਕਰ ਰਹੇ ਹਨ, ਸਮੂਹਿਕ ਤੌਰ ਉੱਤੇ ਜਾਂ ਸਰਕਾਰ ਦੇ ਪੱਧਰ ਉੱਤੇ ਏਦਾਂ ਦੀ ਸਕੀਮ ਬਣਾ ਕੇ ਇਹ ਕੰਮ ਨਹੀਂ ਕੀਤਾ ਜਾ ਰਿਹਾ, ਜੋ ਕਰਨਾ ਚਾਹੀਦਾ ਹੈ।
ਇਸ ਵਾਰੀ ਫਿਰ ਇਹੋ ਜਿਹਾ ਮੌਕਾ ਬਣਿਆ ਪਿਆ ਹੈ। ਹਾਲੇ ਦੋ ਦਿਨ ਪਹਿਲਾਂ ਤੱਕ ਪੰਜਾਬ ਵਿੱਚ ਗਰਮੀ ਪੈ ਰਹੀ ਸੀ ਕਿ ਲੋਕ ਪਾਣੀ ਨੂੰ ਤਰਸਦੇ ਪਏ ਸਨ। ਅੱਜ ਪਾਣੀ ਆ ਗਿਆ ਤਾਂ ਖੇਤਾਂ ਵਿੱਚ ਲੋੜ ਕੁਝ ਘੱਟ ਹੋਵੇਗੀ। ਏਦਾਂ ਦੇ ਵਕਤ ਇਸ ਪਾਣੀ ਨੂੰ ਵਰਤ ਕੇ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਉੱਚਾ ਚੁੱਕਣ ਦੇ ਯਤਨ ਪਿੰਡ-ਪਿੰਡ ਕਰਨ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ। ਅਜਿਹਾ ਨਾ ਕੀਤਾ ਤਾਂ ਅਸੀਂ ਪਾਣੀ ਦੀ ਘਾਟ ਤੇ ਪਾਣੀ ਵਾਲੇ ਖੱਡਿਆਂ ਦਾ ਜੁੜਵਾਂ ਰੋਣਾ ਰੋਂਦੇ ਰਹਾਂਗੇ।
-ਜਤਿੰਦਰ ਪਨੂੰ

About admin

Check Also

ਦੇਖੋ ਫਿਲਮ ਅਰਦਾਸ 2 ਦੇ ਸੈੱਟ ਤੇ ਗੁਰਪ੍ਰੀਤ ਘੁੱਗੀ ਅਤੇ ਸਰਦਾਰ ਸੋਹੀ ਦੀ ਲੜਾਈ ਚ ਗਿੱਪੀ ਆਏ ਵਿਚਾਲੇ ! ( ਵੀਡੀਓ )ਹੋਇਆ ਵਾਇਰਲ

ਗੁਰਪ੍ਰੀਤ ਘੁੱਗੀ ਅਤੇ ਸਰਦਾਰ ਸੋਹੀ ਦੋਵੇ ਮਸ਼ਹੂਰ ਐਕਟਰ ਨੇ ਤੇ ਦੋਵੇ ਹਰ ਇੱਕ ਫਿਲਮ ਚ …

Leave a Reply

Your email address will not be published. Required fields are marked *

error: Content is protected !!